ਕਲਕੱਤਾ ਸ਼ਹਿਰ ’ਤੇ ਅਧਾਰਤ ਇੱਕ ਤਾਜ਼ਾ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਡਾਕਟਰਾਂ ਦੁਆਰਾ ਮਰੀਜ਼ਾਂ ਨੂੰ ਲਿਖਕੇ ਦਿੱਤੀਆਂ ਗਈਆਂ ਦਵਾ-ਪਰਚੀਆਂ ਵਿੱਚੋਂ 98.03% ਗੈਰ-ਤਰਕਸੰਗਤ ਸਨ। ਕਈ ਦਵਾਈਆਂ ਫਾਲਤੂ ਸਨ, ਕਈਆਂ ਦੀ ਮਾਤਰਾ ਘੱਟ ਜਾਂ ਵੱਧ ਸੀ ਅਤੇ ਕਈਆਂ ਵਿੱਚ ਦਵਾਈਆਂ ਦੇ ਆਪਸੀ ਅਸਰਾਂ ਦਾ ਧਿਆਨ ਨਹੀਂ ਰੱਖਿਆ ਗਿਆ ਸੀ। ਇਸ ਅਧਿਐਨ ਮੁਤਾਬਕ ਫਾਲਤੂ ਦਵਾਈਆਂ ਵਿੱਚ, ਭਾਵ ਜਿਹੜੀਆਂ ਦਵਾਈਆਂ ਦੀ ਮੈਡੀਕਲ ਵਿਗਿਆਨ ਦੇ ਨਜ਼ਰੀਏ ਤੋਂ ਮਰੀਜ਼ ਨੂੰ ਕੋਈ ਲੋੜ ਨਹੀਂ ਸੀ, ਸਭ ਤੋਂ ਮੂਹਰੇ ਵਿਟਾਮਿਨ-ਟਾਨਿਕ, ਐਂਟੀਬਿਓਟਿਕਸ (ਕੀਟਾਣੂ-ਰੋਧੀ ਦਵਾਈਆਂ), ਦਰਦ-ਨਿਵਾਰਕ ਦਵਾਈਆਂ ਅਤੇ ਮਿਹਦੇ ’ਚ ਤੇਜ਼ਾਬ ਘੱਟ ਕਰਨ ਵਾਲ਼ੀਆਂ (ਖਾਸ ਤੌਰ ਉਹ ਜਿਹੜੀਆਂ ਤੇਜ਼ਾਬ ਦੇ ਪੈਦਾ ਹੋਣ ਨੂੰ ਉੱਕਾ ਹੀ ਰੋਕ ਦਿੰਦੀਆਂ ਹਨ) ਦਵਾਈਆਂ ਹਨ। ਇਸੇ ਤਰ੍ਹਾਂ ਗੋਆ ਵਿੱਚ ਹੋਏ ਇੱਕ ਹੋਰ ਅਧਿਐਨ ਅਨੁਸਾਰ ਲੱਗਭੱਗ 50% ਤੋਂ ਉੱਪਰ ਦਵਾ-ਪਰਚੀਆਂ ’ਚ ਵਿਟਾਮਿਨ-ਟਾਨਿਕ ਲਿਖੇ ਹੋਏ ਸਨ। ਹੋਰ ਵੀ ਕਈ ਸਰਵੇਖਣਾਂ ਤੇ ਅਧਿਐਨਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਮਰੀਜ਼ਾਂ ਨੂੰ ਵਿਟਾਮਿਨਾਂ-ਟਾਨਿਕਾਂ ਦੀਆਂ ਮੋਟੀਆਂ ਖੁਰਾਕਾਂ ਖੁਆਈਆਂ ਜਾਂ ਪਿਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਘੱਟ ਜਾਂ ਗਲਤ ਜਾਣਕਾਰੀ ਕਾਰਨ ਵੱਡੀ ਗਿਣਤੀ ’ਚ ਆਮ ਲੋਕ ਕੈਮਿਸਟਾਂ ਤੋਂ ਆਪਣੇ-ਆਪ ਹੀ ਵਿਟਾਮਿਨ ਤੇ ਟਾਨਿਕ ਦੀਆਂ ਗੋਲੀਆਂ/ਕੈਪਸੂਲ/ਘੋਲ ਲੈ ਕੇ ਵਰਤ ਰਹੇ ਹਨ। ਕਿ੍ਰਕਟਰ ਯੁਵਰਾਜ ਤੇ ਫਿਲਮੀ ਐਕਟਰ ਸਲਮਾਨ ਖਾਨ ਜਿਹਿਆਂ ਨੂੰ ਬਰਾਂਡ ਅੰਬੈਸਡਰਬਣਾ ਕੇ ਵੱਖ-ਵੱਖ ਕੰਪਨੀਆਂ ਵੱਲੋਂ ਕੀਤੀ ਜਾਂਦੀ ਜੀਓ ਜੀ ਭਰ ਕੇ ਵਰਗੀ ਜ਼ੋਰਦਾਰ ਇਸ਼ਤਿਹਾਰਬਾਜ਼ੀ ਦੇ ਪ੍ਰਭਾਵ ਹੇਠ ਆਕੇ ਹੁਣ ਇੱਕ ਨਵਾਂ ਫੈਸ਼ਨ ਆਇਆ ਹੈ ਕਿ ਤੰਦਰੁਸਤ ਤੇ ਚੰਗੇ-ਭਲੇ ਖਾਂਦੇ-ਪੀਂਦੇ ਬੰਦਿਆਂ ਲਈ ਵੀ ਵਿਟਾਮਿਨ-ਟਾਨਿਕ ਫਾਇਦੇਮੰਦ ਹਨ। ਗੱਲ ਕੀ, ਪੂਰੀ ਦੁਨੀਆਂ ’ਚ ਵਿਟਾਮਿਨ-ਟਾਨਿਕ ਸਭ ਤੋਂ ਵੱਧ ਵਿਕਣ ਵਾਲ਼ੀਆਂ ਦਵਾਈਆਂ ’ਚ ਸ਼ਾਮਿਲ ਹੋ ਚੁੱਕੇ ਹਨ ਅਤੇ ਦਵਾ-ਕੰਪਨੀਆਂ (ਅਤੇ ਉਹਨਾਂ ਦੇ ਏਜੰਟ ਬਣ ਚੁੱਕੇ ਡਾਕਟਰ) ਮੋਟੀਆਂ ਰਕਮਾਂ ਆਪਣੀਆਂ ਜੇਬ੍ਹਾਂ ’ਚ ਪਾ ਰਹੀਆਂ ਹਨ।
ਪੂਰੀ ਦੁਨੀਆਂ ’ਚ ਵਿਟਾਮਿਨਾਂ-ਟਾਨਿਕਾਂ ਦਾ ਸਲਾਨਾ ਬਿਜ਼ਨੈੱਸ 68 ਬਿਲੀਅਨ ਡਾਲਰ (ਭਾਵ ਲੱਗਭੱਗ 34000 ਕਰੋੜ ਰੁਪੈ, ਭਾਰਤ ਦੇ ਕੇਂਦਰ ਸਰਕਾਰ ਦੇ ਸਲਾਨਾ ਸਿਹਤ-ਬਜਟ ਤੋਂ ਵੀ ਜ਼ਿਆਦਾ) ਹੈ। ਭਾਰਤ ‘ਚ ਹਾਲਤ ਕੋਈ ਵੱਖਰੀ ਨਹੀਂ ਹੈ, ਸਾਲ 2003 ’ਚ ਸਭ ਤੋਂ ਜ਼ਿਆਦਾ ਵਿਕਣ ਵਾਲ਼ੇ ਕੁਝ ਚੁਣੇ ਹੋਏ ਬਰਾਂਡ ਦੇ ਵਿਟਾਮਿਨਾਂ-ਟਾਨਿਕਾਂ ਦੀ ਵਿਕਰੀ 440 ਕਰੋੜ ਰੁਪੈ ਸੀ ਜੋ ਹੁਣ ਇੱਕ ਅੰਦਾਜ਼ੇ ਮੁਤਾਬਕ ਇੱਕ ਹਜ਼ਾਰ ਕਰੋੜ ਰੁਪੈ ਪ੍ਰਤੀ ਸਾਲ ਤੋਂ ਉੱਪਰ ਜਾ ਚੁੱਕੀ ਹੈ। ਰੈਨਬੈਕਸੀ ਦੇ ਬਰਾਂਡ ਰੀਵਾਈਟਲ ਦੀ ਵਿਕਰੀ ਜੋ ਕਿ 2003 ’ਚ 47 ਕਰੋੜ ਸੀ, ਹੁਣ 160 ਕਰੋੜ ਤੱਕ ਪਹੁੰਚ ਗਈ ਹੈ। ਇਹ ਸਾਰਾ ਕੁਝ ਦਵਾਈਆਂ ਦੀਆਂ ਸਟੈਂਡਰਡ ਪਾਠ-ਪੁਸਤਕਾਂ (ਜਿਹੜੀਆਂ ਸਾਰੇ ਡਾਕਟਰ ਆਪਣੇ ਕੋਰਸ ਦੌਰਾਨ ਪੜ੍ਹਦੇ ਹਨ) ਅਤੇ ਅਨੇਕਾਂ ਅਧਿਐਨਾਂ ਤੇ ਮਾਹਿਰਾਂ ਦੀਆਂ ਰਾਵਾਂ ਕਿ ਆਮ ਇਸਤੇਮਾਲ ਹੋ ਰਹੇ ਬਹੁਤੇ ਵਿਟਾਮਿਨ-ਟਾਨਿਕ ਗੈਰ-ਵਿਗਿਆਨਕ ਹਨ ਅਤੇ ਬਹੁਤੀ ਵਾਰ ਮਰੀਜ਼ ਨੂੰ ਇਹਨਾਂ ਦੀ ਉੱਕਾ ਹੀ ਲੋੜ ਨਹੀਂ ਹੁੰਦੀ ਅਤੇ ਕਈ ਵਾਰ ਤਾਂ ਨੁਕਸਾਨਦੇਹ ਵੀ ਹੁੰਦੇ ਹਨ, ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਹੋ ਰਿਹਾ ਹੈ।
ਵਿਟਾਮਿਨ ਕੀ ਹਨ? ਵਿਟਾਮਿਨ ਸਰੀਰ ਨੂੰ ਬਹੁਤ ਹੀ ਥੋੜੀ ਮਾਤਰਾ ’ਚ ਲੋੜੀਂਦੇ ਪਰ ਜ਼ਰੂਰੀ ਖੁਰਾਕੀ ਤੱਤ ਹਨ ਜਿਹੜੇ ਸਰੀਰ ’ਚ ਚੱਲਣ ਵਾਲ਼ੀਆਂ ਵੱਖ-ਵੱਖ ਰਸਾਇਣਿਕ ਕਿਰਿਆਵਾਂ ਨੂੰ ਸੁਚਾਰੂ ਰੂਪ ’ਚ ਜ਼ਾਰੀ ਰੱਖਣ ਲਈ ਅਹਿਮ ਹੁੰਦੇ ਹਨ? ਖਣਿਜ ਵੀ ਇਸੇ ਸ਼੍ਰੇਣੀ ’ਚ ਆਉਂਦੇ ਹਨ। ਇਹ ਤੱਤ ਫਲਾਂ, ਸਬਜ਼ੀਆਂ, ਦੁੱਧ, ਮੀਟ ਤੇ ਹੋਰ ਖੁਰਾਕੀ ਖਾਧ-ਪਦਾਰਥਾਂ ’ਚ ਠੀਕ-ਠਾਕ ਮਾਤਰਾ ’ਚ ਪਾਏ ਜਾਂਦੇ ਹਨ ਅਤੇ ਜੇ ਇੱਕ ਆਮ ਵਿਅਕਤੀ ਲੋੜੀਂਦੀ ਮਾਤਰਾ ’ਚ ਭੋਜਨ ਲੈਂਦਾ ਹੈ ਤਾਂ ਉਸਨੂੰ ਇਹਨਾਂ ਤੱਤਾਂ ਦੀ ਘਾਟ ਨਹੀਂ ਹੁੰਦੀ। ਕੁਝ ਖਾਸ ਹਾਲਤਾਂ ਜਾਂ ਕਾਰਨਾਂ ਤੇ ਬਿਮਾਰੀਆਂ ਜਾਂ ਕੁਝ ਦਵਾਈਆਂ ਦੇ ਇਸਤੇਮਾਲ ਨਾਲ਼ ਵੱਖ-ਵੱਖ ਵਿਟਾਮਿਨਾਂ ਦੀ ਘਾਟ ਹੋ ਸਕਦੀ ਹੈ ਅਤੇ ਸਿਰਫ਼ ਅਜਿਹੀ ਹਾਲਤ ਵਿੱਚ ਹੀ ਵਿਟਾਮਿਨਾਂ ਤੇ ਖਣਿਜ ਤੱਤਾਂ ਦੀ ਵਰਤੋਂ ਮੈਡੀਕਲ ਵਿਗਿਆਨ ਦੇ ਨਜ਼ਰੀਏ ਤੋਂ ਸਹੀ ਹੈ। ਇਸ ਤੋਂ ਇਲਾਵਾ ਬਿਮਾਰੀ ਤੋਂ ਬਾਅਦ, ਕਿਸੇ ਲੰਬੀ ਬਿਮਾਰੀ ਦੌਰਾਨ ਜਿਵੇਂ ਗੁਰਦੇ ਫੇਲ੍ਹ ਹੋਣ ਤੋਂ ਪੀੜਤ ਮਰੀਜ਼ਾਂ ਵਿੱਚ, ਕਿਸੇ ਖਾਸ ਇਲਾਕੇ ਜਿਵੇਂ ਆਈਓਡੀਨ ਦੀ ਘਾਟ ਵਾਲ਼ੇ ਇਲਾਕੇ ਵਿੱਚ ਵੀ ਵਿਟਾਮਿਨਾਂ ਤੇ ਖਣਿਜਾਂ ਦੀ ਵਰਤੋਂ ਜਾਇਜ਼ ਹੈ। ਪਰ ਹੋ ਕੀ ਰਿਹਾ ਹੈ? ਕੋਈ ਵਿਅਕਤੀ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦਾ ਹੈ ਤਾਂ ਝੱਟ ਵਿਟਾਮਿਨ ਲਿਖ ਦਿੱਤੇ ਜਾਂਦੇ ਹਨ, ਬਿਨਾਂ ਇਹ ਛਾਣਬੀਣ ਕੀਤੇ ਕਿ ਭੁੱਖ ਘੱਟ ਹੈ ਜਾਂ ਵਿਅਕਤੀ ਕਿਸੇ ਹੋਰ ਕਾਰਨ ਘੱਟ ਖਾ ਰਿਹਾ ਹੈ। ਕਈ ਲੋਕਾਂ ’ਚ ਤਾਂ ਭੁੱਖ ਘੱਟ ਹੁੰਦੀ ਹੀ ਨਹੀਂ। ਅਕਸਰ ਇਹ ਹੁੰਦਾ ਹੈ ਕਿ ਵਿਅਕਤੀ ਆਪਣੇ ਰੁਜ਼ਗਾਰ ਦੇ ਰੁਝੇਵੇਂ ਕਾਰਨ ਨਾ ਹੀ ਸਮੇਂ ’ਤੇ, ਨਾ ਹੀ ਲੋੜੀਂਦੀ ਮਾਤਰਾ ’ਚ ਭੋਜਨ ਕਰਦਾ ਹੈ। ਗਰੀਬ ਅਬਾਦੀ ’ਚ ਢਿੱਡ ਕੱਟ ਕੇ ਜੀਣ ਦੀ ਮਜ਼ਬੂਰੀ ਹੁੰਦੀ ਹੈ ਤੇ ਉੱਤੋਂ ਵਿੱਤੋਂ ਬਾਹਰਾ ਕੰਮ ਇੱਕ ਸਥਾਈ ਮਾਨਸਿਕ ਤੇ ਸਰੀਰਕ ਥਕਾਵਟ ਦੀ ਹਾਲਤ ਪੈਦਾ ਕਰ ਦਿੰਦਾ ਹੈ। ਲੰਮੇ ਸਮੇਂ ਲਈ ਥੋੜਾ ਖਾਂਦੇ ਰਹਿਣ ਕਾਰਨ ਭੁੱਖ ਘੱਟ ਜਾਂਦੀ ਹੈ। ਭੁੱਖ ਘੱਟ ਲੱਗਣ ਦੇ ਕਾਰਨ ਦੀ ਪਛਾਣ ਕਰਨ ਤੇ ਉਸ ਅਨੁਸਾਰ ਸਲਾਹ ਦੇਣ ਦੀ ਥਾਂ ਸਿੱਧਾ ਰਾਹ ਇਹ ਲੱਭਿਆ ਗਿਆ ਹੈ ਕਿ ਟਾਨਿਕਪਿਆਓ। ਇਸੇ ਤਰ੍ਹਾਂ ਵਜ਼ਨ ਘੱਟ ਹੋਣ ਦਾ ਮਾਮਲਾ ਹੈ ਜੋ ਕਿ ਗਰੀਬ ਅਬਾਦੀ ’ਚ ਆਮ ਹੈ ਅਤੇ ਜਿਸ ਦਾ ਕਾਰਨ ਬਹੁਤਾ ਕੰਮ, ਮਾਨਸਿਕ-ਸਰੀਰਕ ਥਕਾਵਟ ਅਤੇ ਲੋੜੀਂਦਾ ਪੋਸ਼ਕ ਭੋਜਨ ਨਾ ਮਿਲਣਾ ਹੈ। ਸਿਰਫ਼ ਇਹੋ ਆਮ ਸ਼ਿਕਾਇਤਾਂ ਨਹੀਂ ਜਿਹਨਾਂ ਲਈ ਵਿਟਾਮਿਨ-ਟਾਨਿਕ ਲਿਖੇ ਜਾ ਰਹੇ ਹਨ, ਹੁਣ ਤਾਂ ਖੰਘ-ਜ਼ੁਕਾਮ, ਪਾਚਣ-ਸ਼ਕਤੀ ਦੀਆਂ ਛੋਟੀਆਂ-ਮੋਟੀਆਂ ਗੜਬੜਾਂ, ਕੋਈ ਵੀ ਬੁਖਾਰ ਆਦਿ ਲਈ ਵਿਟਾਮਿਨ ਲਿਖਣ ਦਾ ਜਿਵੇਂ ਕਨੂੰਨਪਾਸ ਹੋ ਗਿਆ ਲੱਗਦਾ ਹੈ।
ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਟਾਮਿਨਾਂ ਦਾ ਸਰੀਰ ਉੱਪਰ ਕੋਈ ਬੁਰਾ ਅਸਰ ਨਹੀਂ ਹੁੰਦਾ। ਪਰ ਅਜਿਹਾ ਵੀ ਨਹੀਂ ਹੈ। ਕਮੀ ਨਾ ਹੋਣ ਦੀ ਹਾਲਤ ’ਚ ਵਿਟਾਮਿਨਾਂ ਦੇ ਕੈਪਸੂਲ ਨਾ ਸਿਰਫ਼ ਗੈਰ-ਜ਼ਰੂਰੀ ਹੁੰਦੇ ਹਨ, ਸਗੋਂ ਸਰੀਰ ’ਤੇ ਕਈ ਕਿਸਮ ਦੇ ਗੰਭੀਰ ਬੁਰੇ ਪ੍ਰਭਾਵ ਵੀ ਪਾਉਂਦੇ ਹਨ। ਵਿਟਾਮਿਨਏ ਜਿਗਰ ਨੂੰ ਨੁਕਸਾਨ ਪੁਚਾ ਸਕਦਾ ਹੈ, ਇੱਥੋਂ ਤੱਕ ਕਿ ਜਿਗਰ ਨੂੰ ਪੱਕੇ ਤੌਰ ’ਤੇ ਨਕਾਰਾ ਕਰ ਸਕਦਾ ਹੈ। ਇਹ ਖੋਪੜੀ ਅੰਦਰ ਪ੍ਰੈਸ਼ਰ ਵਧਾ ਸਕਦਾ ਹੈ, ਲਗਾਤਾਰ ਸਿਰਦਰਦ ਦਾ ਕਾਰਨ ਬਣ ਸਕਦਾ ਹੈ ਅਤੇ ਚਮੜੀ ਤੇ ਵਾਲਾਂ ਦੀ ਖੁਸ਼ਕੀ ਕਰ ਸਕਦਾ ਹੈ। ਗਰਭ ਅੰਦਰ ਪਲ ਬੱਚੇ ’ਚ ਜਮਾਂਦਰੂ ਨੁਕਸ ਪੈਦਾ ਕਰਦਾ ਹੈ। ਵਿਟਾਮਿਨ ਬੀ ਕੰਪਲੈਕਸ ‘ਚੋਂ ਇੱਕ ਨਾਈਸਿਨ ਖੂਨ ‘ਚ ਯੂਰਿਕ ਏਸਿਡ ਦੀ ਮਾਤਰਾ ਵਧਾਉਂਦਾ ਹੈ, ਗਠੀਏ ਦਾ ਖਤਰਾ ਪੈਦਾ ਕਰਦਾ ਹੈ। ਕੁਝ ਅਧਿਐਨਾਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਨਾਈਸਿਨ ਫੇਫੜਿਆਂ ਦੇ ਕੈਂਸਰ ਨਾਲ ਜੁੜਿਆ ਹੋ ਸਕਦਾ ਹੈ। ਵਿਟਾਮਿਨ ਸੀ, ਵਿਟਾਮਿਨ ਡੀ ਤੇ ਕੈਲਸ਼ਿਯਮ ਦੀ ਵਰਤੋਂ ਗੁਰਦੇ ’ਚ ਪਥਰੀਆਂ ਦਾ ਕਾਰਨ ਬਣ ਸਕਦੀ ਹੈ। ਵਿਟਾਮਿਨ ਈ ਦੀ ਵਰਤੋਂ ਨਾਲ਼ ਦਿਲ ਫੇਲ੍ਹ ਹੋਣ ਦਾ ਖਤਰਾ 20% ਤੱਕ ਵਧ ਜਾਂਦਾ ਹੈ। ਇਸੇ ਤਰ੍ਹਾਂ ਰੋਜ਼ 0.8-1.2 ਮਿ.ਗ੍ਰਾ. ਫੋਲਿਕ ਏਸਿਡ (ਬੀ ਕੰਪਲੈਕਸ ਦਾ ਹਿੱਸਾ) ਦੀ ਵਰਤੋਂ ਨਾਲ਼ ਵੀ ਦਿਲ ’ਤੇ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਇਆ ਹੈ। ਮਲਟੀਵਿਟਾਮਿਨ ਦੀ ਵਰਤੋਂ ਕਰਨ ਵਾਲ਼ੇ ਪੁਰਸ਼ਾਂ ’ਚ ਗਦੂਦਾਂ ਦੇ ਕੈਂਸਰ ਦਾ ਖਤਰਾ ਵਧਣ ਦਾ ਇੱਕ ਵੱਡਾ ਅਧਿਐਨ ਵੀ ਹੁਣੇ-ਹੁਣੇ ਸਾਹਮਣੇ ਆਇਆ ਹੈ। ਟੀਕਿਆਂ ਦੇ ਰੂਪ ’ਚ ਦਿੱਤੇ ਜਾਣ ਵਾਲ਼ੇ ਵਿਟਾਮਿਨ ਤਾਂ ਕਈ ਮਾਅਨਿਆਂ ‘ਚ ਹੋਰ ਵੀ ਖਤਰਨਾਕ ਹਨ। ਟੀਕਿਆਂ ਰਾਹੀਂ ਨਾ ਸਿਰਫ਼ ਕਾਲ਼ਾ ਪੀਲ਼ੀਆ ਤੇ ਏਡਜ਼ ਜਿਹੇ ਰੋਗਾਂ ਦੇ ਫੈਲਣ ਦਾ ਖਤਰਾ ਵਧਦਾ ਹੈ, ਸਗੋਂ ਖੁਦ ਵਿਟਾਮਿਨਾਂ ਕਾਰਨ ਰੀਐਕਸ਼ਨ ਹੋ ਸਕਦੀ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ। ਦਵਾਈਆਂ ਨਾਲ਼ ਸਬੰਧਤ ਕਨੂੰਨ ਅਨੁਸਾਰ ਵਿਟਾਮਿਨਾਂ-ਟਾਨਿਕਾਂ ਉੱਤੇ ਇਹਨਾਂ ਬੁਰੇ ਪ੍ਰਭਾਵਾਂ ਦਾ ਜ਼ਿਕਰ ਜ਼ਰੂਰੀ ਹੈ ਪਰ ਅਜਿਹਾ ਕਰਨ ਨਾਲ਼ ਇਹਨਾਂ ਦੀ ਵਿਕਰੀ ’ਚ ਭਾਰੀ ਕਮੀ ਆ ਸਕਦੀ ਹੈ ਜੋ ਕੰਪਨੀਆਂ ਬਿਲਕੁਲ ਨਹੀਂ ਚਾਹੁੰਦੀਆਂ। ਇਸ ਤੋਂ ਇਲਾਵਾ ਇਹਨਾਂ ਉੱਪਰ ਇਹ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਵਿਟਾਮਿਨ ਜਾਂ ਟਾਨਿਕ ਬਿਮਾਰੀ ਤੋਂ ਬਚਾਅ ਲਈ ਹੈਜਾਂ ਬਿਮਾਰੀ ਦੇ ਇਲਾਜ ਲਈ ਹੈਅਤੇ ਨਾਲ਼ ਹੀ ਬੱਚਿਆਂ ’ਚ ਇਸਤੇਮਾਲ ਲਈ ਅਲੱਗ ਤੋਂ ਲਿਖਿਆ ਜਾਣਾ ਵੀ ਜ਼ਰੂਰੀ ਹੈ। ਇਸ ਕਨੂੰਨੀ ਧਾਰਾ ਤੋਂ ਬਚਣ ਕੰਪਨੀਆਂ ਵਿਟਾਮਿਨਾਂ ਨੂੰ ਦਵਾਈਆਂ ਦੀ ਥਾਂ ’ਤੇ ਖੁਰਾਕੀ ਪਦਾਰਥ ਕਹਿ ਕੇ ਵੇਚ ਰਹੀਆਂ ਹਨ ਅਤੇ ਪੂਰਾ ਮਾਮਲਾ ਭਾਰਤੀ ਦਵਾਈ ਕੰਟਰੋਲ ਵਿਭਾਗ ਦੇ ਦਾਇਰੇ ’ਚੋਂ ਨਿਕਲ ਕੇ ਫੂਡ ਸੇਫਟੀ ਐਂਡ ਸਟੈਂਡਰਡਾਈਜ਼ੇਸ਼ਨ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰ ਖੇਤਰ ’ਚ ਚਲਾ ਜਾਂਦਾ ਹੈ ਜਿਸ ਕੋਲ਼ ਦਵਾਈਆਂ ਨੂੰ ਕੰਟਰੋਲ ਕਰਨ ਸਬੰਧੀ ਕੋਈ ਅਧਿਕਾਰ ਹੀ ਨਹੀਂ ਹੈ। ਇਹ ਸਾਰਾ ਕੁਝ ਸਰਕਾਰਾਂ ਦੇ ਨੱਕ ਥੱਲੇ ਹੋ ਰਿਹਾ ਹੈ।
ਇੱਕ ਗਰੀਬ ਆਦਮੀ ਜੋ ਪੰਜ-ਛੇ ਹਜ਼ਾਰ ਰੁਪੈ ਪ੍ਰਤੀ ਮਹੀਨੇ ਨਾਲ ਆਪਣਾ ਪਰਿਵਾਰ ਪਾਲ਼ਦਾ ਹੈ, ਉਸਨੂੰ 100-150 ਦਾ ਵਿਟਾਮਿਨ ਦਾ ਪੱਤਾ ਲਿਖਣਾ ਉਸਨੂੰ ਭੁੱਖੇ ਮਾਰਨਾ ਹੈ। ਇੰਨੇ ਰੁਪੈ ’ਚ ਉਹ ਅਜਿਹਾ ਪੌਸ਼ਟਿਕ ਭੋਜਨ ਖਾ ਸਕਦਾ ਜੋ ਵਿਟਾਮਿਨਾਂ ਦੇ ਇੱਕ ਪੱਤੇ ਨਾਲੋਂ ਕਿਤੇ ਵੱਧ ਫਾਇਦੇਮੰਦ ਹੋਵੇਗਾ। ਦੂਜਾ, ਉਸ ਨੂੰ ਉਸਦੀ ਬਿਮਾਰੀ ਦੇ ਅਸਲ ਕਾਰਨ ਪਤਾ ਲੱਗਣ ਤੋਂ ਰੋਕਿਆ ਜਾ ਰਿਹਾ ਹੈ, ਉਹ ਆਪਣਾ ਇਲਾਜ ਵਿਟਾਮਿਨਾਂ ਦੇ ਪੱਤਿਆਂ-ਟੀਕਿਆਂ ’ਚ ਲੱਭਦਾ ਹੈ ਜਦਕਿ ਇਹ ਸਭ ਕੁਝ ਉਸ ਦੀਆਂ ਗਰੀਬੀ, 12-16 ਘੰਟੇ ਦਾ ਕੰਮ, ਰਹਿਣ ਦੀਆਂ ਭਿਅੰਕਰ ਹਾਲਤਾਂ, ਥੋੜਾ ਜਾਂ ਅਸੰਤੁਲਤ ਭੋਜਨ ਆਦਿ ਜਿਹੀਆਂ ਜੀਵਨ-ਹਾਲਤਾਂ ਨਾਲ਼ ਜੁੜਿਆ ਹੋਇਆ ਹੈ ਤੇ ਇਸ ਤੋਂ ਉਹ ਤਦ ਤੱਕ ਮੁਕਤੀ ਹਾਸਲ ਨਹੀਂ ਕਰ ਸਕਦਾ ਜਦ ਤੱਕ ਉਹ ਆਪਣੀਆਂ ਜੀਵਨ-ਹਾਲਤਾਂ ਨੂੰ ਬਦਲਣ ਲਈ ਉਪਰਾਲਾ ਨਹੀਂ ਕਰਦਾ। ਕੋਈ ਕਹਿ ਸਕਦਾ ਹੈ ਕਿ ਪੈਸੇ ਵਾਲ਼ੇ ਲੋਕਾਂ ਨੂੰ ਤਾਂ ਫਿਰ ਵਿਟਾਮਿਨ ਲਿਖ ਕੇ ਦੇਣ ’ਚ ਕੋਈ ਹਰਜ਼ ਨਹੀਂ ਹੈ। ਮੈਡੀਕਲ ਫਾਇਦੇ/ਨੁਕਸਾਨ ਤਾਂ ਇਹਨਾਂ ਲੋਕਾਂ ’ਤੇ ਵੀ ਓਨੇ ਹੀ ਲਾਗੂ ਹੁੰਦੇ ਹਨ ਜਿਸ ਦਾ ਜ਼ਿਕਰ ਅਸੀਂ ਕਰ ਹੀ ਚੁੱਕੇ ਹਾਂ। ਦੂਸਰਾ, ਇਹ ਲੋਕ ਇੰਨਾ ਕੁ ਚੰਗਾ ਭੋਜਨ ਕਰਦੇ ਹਨ ਕਿ ਵਿਟਾਮਿਨਾਂ ਤੇ ਖਣਿਜ ਪਦਾਰਥਾਂ ਦੀ ਖੁਰਾਕੀਘਾਟ ਸਮਾਜ ਦੇ ਇਸ ਤਬਕੇ ’ਚ ਆਮ ਤੌਰ ’ਤੇ ਹੁੰਦੀ ਹੀ ਨਹੀਂ, ਇਸ ਤਰ੍ਹਾਂ ਜੇ ਇਹਨਾਂ ਨੂੰ ਵਿਟਾਮਿਨ ਲਿਖ ਕੇ ਦਿੱਤੇ ਜਾਣਗੇ ਤਾਂ ਸਰੀਰ ਨੂੰ ਵਿਟਾਮਿਨ ਦੇ ਵੱਡੇ ਹਿੱਸੇ ਨੂੰ ਵਾਧੂ ਸਮਝ ਕੇ ਉਂਝ ਦਾ ਉਂਝ ਸਰੀਰ ’ਚੋਂ ਬਾਹਰ ਕੱਢ ਦਿੰਦਾ ਹੈ ਅਤੇ ਜੋ ਹਿੱਸਾ ਸਰੀਰ ’ਚ ਰਹੇਗਾ ਉਹ ਦੁਰ-ਪ੍ਰਭਾਵ ਹੀ ਪੈਦਾ ਕਰੇਗਾ। ਬਾਕੀ ਦੇਸ਼ ਦੇ ਸਾਧਨਾਂ ਦਾ ਨੁਕਸਾਨ ਤਾਂ ਹੋਵੇਗਾ ਹੀ ਜਦੋਂ ਕੋਈ ਵੀ ਚੀਜ਼ ਸਮਾਜ ਵਿੱਚ ਬਿਨਾਂ ਜ਼ਰੂਰਤ ਤੋਂ ਬਣਾਈ ਜਾਂ ਵੇਚੀ ਜਾਂਦੀ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿਟਾਮਿਨ-ਟਾਨਿਕਾਂ ਦੀ ਵਰਤੋਂ ਪੂਰੀ ਤਰ੍ਹਾਂ ਇੱਕ ਗੋਰਖਧੰਦਾ ਬਣ ਚੁੱਕਾ ਹੈ? ਦਵਾਈਆਂ ਦੀ ਮਸ਼ਹੂਰ ਪਾਠ-ਪੁਸਤਕ ਈਸ਼ੇਂਸਲਜ਼ ਆਫ਼ ਮੈਡੀਕਲ ਫਰਮਾਕਾਲੋਜੀ (ਲੇਖਕ – ਕੇ.ਡੀ.ਤਿ੍ਰਪਾਠੀ) ਅਨੁਸਾਰ ਵਿਟਾਮਿਨ ਲੋੜੋਂ ਬਹੁਤੇ ਪ੍ਰੋਮੋਟ, ਲੋੜੋਂ ਬਹੁਤੇ ਲਿਖੇ ਤੇ ਲੋੜੋਂ ਬਹੁਤੇ ਖਾਧੇ ਜਾ ਰਹੇ ਹਨ। ਵਿਟਾਮਿਨ ਈ, ਸੀ ਤੇ ਹੋਰ ਕਈ ਸਾਰੇ ਐਂਟੀ-ਆਕਸੀਡੈਂਟ ਉਤਪਾਦਾਂ ਬਾਰੇ ਇਸੇ ਕਿਤਾਬ ਦਾ ਕਹਿਣਾ ਹੈ ਇਹਨਾਂ ਦੀ ਵੱਡੀ ਗਿਣਤੀ ’ਚ ਜ਼ੋਰਦਾਰ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ ਪਰ ਇਹਨਾਂ ਦੇ ਫਾਇਦੇ ਦਾ ਕੋਈ ਵੀ ਸਬੂਤ ਨਹੀਂ ਹੈ, ਅਤੇ ਸਗੋਂ ਨੁਕਸਾਨਦੇਹ ਵੀ ਹੋ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਮੇਰੀਆਂ ਹੋਰ ਪੋਸਟਾਂ ਵੇਖੋ। ਇਕ Like ਤਾਂ ਜਰੂਰ ਬਣਦਾ ਹੈ । ਹੋਰ ਲੋਕਾਂ ਤਕ ਜਾਣਕਾਰੀ ਪਹੁੰਚਾਨ ਲਈ Like ਜ਼ਰੂਰ ਕਰੋ।
For Further Information Contact Me:-
Dr.HARJASPAL SINGH [AYURVEDIC SPECIALIST]
Mobile No. 8427859200
Mobile No. 9464588320
E-Mail:- harjas1987@gmail.com
Website:- www.harjasayurved.com